ਪੰਜਾਬ ਪ੍ਰੈੱਸ ਕਲੱਬ ਵੱਲੋਂ ਦੋ ਮਹਿਲਾ ਪੱਤਰਕਾਰਾਂ ਨਾਲ ਕਥਿਤ ਕੁੱਟਮਾਰ ਦੀ ਸਖ਼ਤ ਨਿੰਦਾ

ਜਲੰਧਰ, 5 ਸਤੰਬਰ (ਪਰਮਿੰਦਰ ਸਿੰਘ ) ਪੰਜਾਬ ਪ੍ਰੈੱਸ ਕਲੱਬ ਗਵਰਨਿੰਗ ਕੌਂਸਲ ਨੇ ਦਿੱਲੀ ਵਿੱਚ ਦੋ ਮਹਿਲਾ ਪੱਤਰਕਾਰਾਂ ਸ਼ਾਹੀਨ ਖ਼ਾਨ ਅਤੇ ਨਫ਼ੀਸਾ ਖ਼ਾਨ, ਨਾਲ ਦਿੱਲੀ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਕੁੱਟਮਾਰ ਅਤੇ ਦੁਰਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਦੋਵੇਂ ਪੱਤਰਕਾਰ ਦਿੱਲੀ ਦੇ ਸਾਕੇਤ ਇਲਾਕੇ ਵਿੱਚ ਇੱਕ ਸਰਕਾਰੀ ਸਮਾਗਮ ਦੀ ਕਵਰੇਜ ਕਰ ਰਹੀਆਂ ਸਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ।
ਪੱਤਰਕਾਰਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਸਾਕੇਤ ਥਾਣੇ ਵਿੱਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਗਿੱਛ ਕੀਤੀ ਗਈ ਅਤੇ ਮੁਸਲਿਮ ਹੋਣ ਕਾਰਨ ਉਨ੍ਹਾਂ ਨਾਲ ਕਥਿਤ ਤੌਰ ’ਤੇ ਹੋਰ ਵੀ ਬਦਸਲੂਕੀ ਕੀਤੀ ਗਈ।
ਪੰਜਾਬ ਪ੍ਰੈੱਸ ਕਲੱਬ ਗਵਰਨਿੰਗ ਕੌਂਸਲ ਨੇ ਕਿਹਾ ਕਿ ਪੱਤਰਕਾਰ ਦਾ ਕੰਮ ਸਵਾਲ ਪੁੱਛਣਾ, ਸੱਚ ਸਾਹਮਣੇ ਲਿਆਉਣਾ ਅਤੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ ਹੈ। ਸਵਾਲ ਪੁੱਛਣਾ ਕੋਈ ਜੁਰਮ ਨਹੀਂ ਹੈ।
ਕਿਸੇ ਵੀ ਪੱਤਰਕਾਰ ਨਾਲ ਉਸਦੇ ਧਰਮ, ਜਾਤ, ਲਿੰਗ ਜਾਂ ਵਿਚਾਰਧਾਰਾ ਦੇ ਆਧਾਰ ’ਤੇ ਭੇਦਭਾਵ ਜਾਂ ਹਿੰਸਕ ਵਿਵਹਾਰ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਜਨਰਲ ਸਕੱਤਰ ਪੁਨੀਤ ਸਹਿਗਲ, ਸੀ.ਮੀ.ਪ੍ਰਧਾਨ ਰਾਜੇਸ਼ ਥਾਪਾ, ਖਜਾਨਚੀ ਸ਼ਿਵ ਸ਼ਰਮਾ, ਮੀਤ ਪ੍ਰਧਾਨ ਤੇਜਿੰਦਰ ਕੌਰ ਥਿੰਦ, ਪਰਮਜੀਤ ਸਿੰਘ ਰੰਗਪੁਰੀ, ਮਨਦੀਪ ਸ਼ਰਮਾ, ਸਕੱਤਰ ਰਜੇਸ਼ ਯੋਗੀ ਤੇ ਸੰਯੁਕਤ ਸਕੱਤਰ ਸੁਕਰਾਂਤ ਸਫਰੀ ਨੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਜੇਕਰ ਜਾਂਚ ਦੌਰਾਨ ਪੱਤਰਕਾਰਾਂ ਨਾਲ ਕੁੱਟਮਾਰ ਜਾਂ ਧਾਰਮਿਕ ਪੱਖਪਾਤ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਕੌਂਸਲ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਪੱਤਰਕਾਰਾਂ ਵੱਲੋਂ ਲਗਾਏ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਹੈ ਕਿ ਦੋਵੇਂ ਮਹਿਲਾ ਪੱਤਰਕਾਰਾਂ ਨੂੰ ਮਹੱਤਵਪੂਰਨ ਰੂਟ ’ਤੇ ਸੁਰੱਖਿਆ ਪ੍ਰਬੰਧਾਂ ਨਾਲ ਜੁੜੇ ਕਾਰਨ ਕਰਕੇ ਥਾਣੇ ਲਿਆਂਦਾ ਗਿਆ ਸੀ।
ਇਸ ਲਈ ਸੱਚਾਈ ਸਾਹਮਣੇ ਲਿਆਉਣ ਲਈ ਸੁਤੰਤਰ ਜਾਂਚ ਬੇਹੱਦ ਜ਼ਰੂਰੀ ਹੈ। ਪੰਜਾਬ ਪ੍ਰੈੱਸ ਕਲੱਬ ਗਵਰਨਿੰਗ ਕੌਂਸਲ ਨੇ ਸਪੱਸ਼ਟ ਕੀਤਾ ਕਿ ਪ੍ਰੈੱਸ ਦੀ ਆਜ਼ਾਦੀ ਦੀ ਰੱਖਿਆ ਕਰਨਾ ਹਰ ਲੋਕਤੰਤਰਿਕ ਸੰਸਥਾ ਦੀ ਜ਼ਿੰਮੇਵਾਰੀ ਹੈ।
ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ, ਦਬਾਅ ਜਾਂ ਭੇਦਭਾਵ ਦੇ ਆਪਣਾ ਪੇਸ਼ੇਵਰ ਫਰਜ਼ ਨਿਭਾਉਣ ਲਈ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ।
🔔 Vande Bharat News Alerts
नई प्रमुख खबरों की browser notification पाने के लिए Subscribe करें।





