ਪ੍ਰਤੀਕ ਸੇਠੀ ਰਿਪੋਰਟਰ…….ਵੰਦੇ ਭਾਰਤ ਨਿਊਜ਼ ਫਰੀਦਕੋਟ
……… ਫ਼ਰੀਦਕੋਟ ਵਿੱਚ ਫਲਿੱਪਕਾਰਟ ਕੰਪਨੀ ਦੇ ਦਫ਼ਤਰ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਬੁੱਧਵਾਰ ਸ਼ਾਮ ਨੂੰ ਲੁੱਟ ਦੀ ਵਾਰਦਾਤ ਸਾਹਮਣੇ ਆਈ।
ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਕੰਪਨੀ ਦੇ ਡਿਲੀਵਰੀ ਐਗਜ਼ੀਕਿਊਟਿਵ ਤੋਂ ਸਾਢੇ 4 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਪੀੜਤ ਦੀ ਪਛਾਣ ਵਿਕਰਮ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਸ਼ਾਮ ਕਰੀਬ 4:30 ਵਜੇ ਉਸ ਸਮੇਂ ਵਾਪਰੀ, ਜਦੋਂ ਵਿਕਰਮ ਸਿੰਘ ਕੰਪਨੀ ਵੱਲੋਂ ਇਕੱਠੀ ਕੀਤੀ ਗਈ ਨਕਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਆਪਣੇ ਸਕੂਟਰ ’ਤੇ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਦੇ ਸਕੂਟਰ ਵਿੱਚ ਟੱਕਰ ਮਾਰ ਦਿੱਤੀ।
ਇਸ ਕਾਰਨ ਉਹ ਸੜਕ ’ਤੇ ਡਿੱਗ ਪਿਆ। ਮੌਕਾ ਦੇਖਦਿਆਂ ਮੁਲਜ਼ਮ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਫ਼ਰਾਰ ਹੋਣ ਦੇ ਰਸਤੇ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ