
ਗੁਰਾਇਆ 23 ਜੁਲਾਈ (ਪਰਮਿੰਦਰ ਸਿੰਘ ) ਪੰਜਾਬ ਰਿਟਾਇਰਡ ਮਿਉਂਸਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਅਤੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਲੌਰ ਦੇ ਆਗੂਆਂ ਤਾਰਾ ਸਿੰਘ ਬੀਕਾ, ਸਤਪਾਲ ਮਹਿਮੀ, ਸ਼ਿਵ ਦਾਸ, ਬਲਵਿੰਦਰ ਕੁਮਾਰ, ਬੂਟਾ ਰਾਮ ਅਕਾਲਪੁਰ,ਰਤਨ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ ਆਦਿ ਨੇ ਕਿਹਾ ਕਿ ਸਫਾਈ ਕਰਮਚਾਰੀ ਪਿਛਲੇ 10-15 ਸਾਲਾਂ ਤੋਂ ਹੀ ਠੇਕੇਦਾਰੀ ਦੇ ਅਧੀਨ ਮਾਮੂਲੀ ਤਨਖਾਹਾਂ ਤੇ ਲਗਾਤਾਰ ਕੰਮ ਕਰ ਰਹੇ ਹਨ,ਉਹ ਪੂਰੇ ਪੂਰੇ ਗ੍ਰੇਡਾਂ ਵਿੱਚ ਰੈਗੂਲਰ ਕਰਨ ਦੀ ਮੰਗ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਪਿਛਲੇ ਸਮੇਂ ਤੋਂ ਹੜਤਾਲ ਤੇ ਚੱਲ ਰਹੇ ਹਨ। ਜਦੋਂ ਡੇਢ ਮਹੀਨਾ ਪਹਿਲਾਂ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਕੀਤੀ ਸੀ ਉਦੋਂ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਹੜਤਾਲ ਖ਼ਤਮ ਕਰਵਾ ਦਿੱਤੀ ਸੀ ਅਤੇ ਮੰਗਾਂ ਦਾ ਨਿਪਟਾਰਾ ਕਰਨ ਲਈ ਲਿਖਤੀ ਤੌਰ ਤੇ ਭਰੋਸਾ ਦਿੱਤਾ ਸੀ। ਪਰ ਅਫਸੋਸ ਹੈ ਕਿ ਚੋਣ ਜ਼ਾਬਤੇ ਤੋਂ ਬਾਅਦ ਪੰਜਾਬ ਸਰਕਾਰ ਨੇ ਦਿੱਤੇ ਭਰੋਸੇ ਨੂੰ ਨਹੀਂ ਨਿਭਾਇਆ। ਜਿਸ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਦੋਬਾਰਾ ਹੜਤਾਲ ਕਰਨ ਲਈ ਅਤਿ ਮਜਬੂਰ ਹੋਣਾ ਪਿਆ। ਹੜਤਾਲੀ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਮੰਗਾਂ ਦਾ ਹੱਲ ਕਰਨ ਦੀ ਬਜਾਏ,ਕੱਲ੍ਹ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਪ੍ਰਸ਼ਾਸਨ ਵਲੋਂ ਸਫ਼ਾਈ ਕਰਮਚਾਰੀਆਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਜੋ ਕਿ ਅਤਿਅੰਤ ਨਿੰਦਣਯੋਗ ਵਰਤਾਰਾ ਹੈ। ਉਹਨਾਂ ਨੇ ਕਿਹਾ ਕਿ ਦੂਜੇ ਪਾਸੇ ਜੰਤਰ ਮੰਤਰ ਦਿੱਲੀ ਵਿਖੇ ਪਿਛਲੇ ਦਿਨਾਂ ਤੋਂ ਨੀਟ ਪੇਪਰ ਲੀਕ ਦੇ ਮਸਲੇ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਲੋਂ ਸੰਸਦ ਵੱਲ ਰੋਸ ਮਾਰਚ ਕਰਨ ਦੇ ਮੌਕੇ ‘ਤੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਪ੍ਰਸ਼ਾਸਨ ਅਤੇ ਭਾਜਪਾ ਅਤੇ ਆਰ ਐਸ ਐਸ ਦੀ ਗੁੰਡਾ ਫੌਜ ਵਲੋਂ ਕੀਤੇ ਅੰਧਾਧੁੰਦ ਲਾਠੀਚਾਰਜ ਅਤੇ ਕੇਸ ਦਰਜ਼ ਕਰਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਦੀ ਨਿਖੇਧੀ ਕਰਦੇ ਹੋਏ ਅੰਦੋਲਨਕਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਸਮਰਥਨ ਕਰਦੇ ਹੋਏ ਮਗਰਮੱਛ ਦੇ ਹੰਝੂ ਵਹਾ ਕੇ ਆਪਣਾ ਦੋਗਲਾਪਨ ਦਿਖਾ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਸੰਘਰਸ਼ਸ਼ੀਲ ਮੁਲਾਜ਼ਮਾਂ, ਕਿਸਾਨਾਂ ਮਜ਼ਦੂਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ ਤੇ ਹੀ ਚੱਲਦੇ ਹੋਏ ਹਰ ਰੋਜ਼ ਪੰਜਾਬ ਵਿੱਚ ਕਿਤੇ ਨਾ ਕਿਤੇ ਅੰਨ੍ਹੇ ਵਾਹ ਲਾਠੀਚਾਰਜ, ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਹਰ ਪ੍ਰਕਾਰ ਦਾ ਤਸ਼ੱਸਦ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਾਜ਼ਾ ਤਾਜ਼ਾ ਮਿਸਾਲਾਂ ਖੰਨਾ ਵਿਖੇ ਨਰੇਗਾ ਕਰਮਚਾਰੀਆਂ, ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਤੇ ਕੀਤੇ ਗਏ ਤਸ਼ੱਸਦ ਦੇ ਨਮੂਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਘਰ ਘਰ ਤੱਕ ਪੁੱਜੇ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹਰ ਸੰਘਰਸ਼ਸ਼ੀਲ ਵਰਗ ਦੇ ਲੋਕਾਂ ਤੇ ਤਸ਼ੱਸਦ ਕਰਨ ਦੀ ਬਜਾਏ ਪੰਜਾਬ ਸਰਕਾਰ ਗੰਭੀਰਤਾ ਨਾਲ ਹਰ ਵਰਗ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੇ ਲਾਗੂ ਕਰਨ ਦੇ ਲਈ ਮਾਹੌਲ ਤਿਆਰ ਕਰੇ, ਨਹੀਂ ਤਾਂ ਵਿਧਾਨ ਸਭਾ ਵਿੱਚ ਹਰ ਵਰਗ ਦੇ ਸੰਘਰਸ਼ਸ਼ੀਲ ਲੋਕਾਂ ਤੇ ਕੀਤੇ ਗਏ ਅੰਨ੍ਹੇ ਵਾਹ ਤਸ਼ੱਸਦ ਦਾ ਨਤੀਜਾ ਭੁਗਤਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤਿਆਰ ਬ ਤਿਆਰ ਰਹੇ।









