ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਰੀਦਕੋਟ

ਪ੍ਰਤੀਕ ਸੇਠੀ ਫ਼ਰੀਦਕੋਟ,: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀ.ਐੱਸ.ਸੀ. ਐਗਰੀਕਲਚਰ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਕੋਰਸ ਦੇ ਹਿੱਸੇ ਵਜੋਂ 'ਰੂਰਲ ਐਗਰੀਕਲਚਰ ਵਰਕ ਐਕਸਪੀਰੀਐਂਸ' (ਰਾਵੇ) ਪ੍ਰੋਗਰਾਮ ਤਹਿਤ ਇੱਕ ਮਹੀਨੇ ਦੀ ਸਿਖਲਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ ਵਿਖੇ ਪਹੁੰਚੇ ਹੋਏ ਹਨ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਖੇਤਰ ਦੇ ਅਗਾਂਹਵਧੂ ਕਿਸਾਨ ਸ. ਬਲਧੀਰ ਸਿੰਘ ਭੁੱਲਰ ਦੇ ਫਾਰਮ ਦਾ ਵਿਦਿਅਕ ਦੌਰਾ ਕਰਵਾਇਆ ਗਿਆ।
ਪਿੰਡ ਚੁੱਘਾ ਸਿੰਘ ਨਗਰ ਦੇ ਵਸਨੀਕ ਸ. ਬਲਧੀਰ ਸਿੰਘ ਭੁੱਲਰ ਰਵਾਇਤੀ ਫ਼ਸਲਾਂ ਤੋਂ ਹਟ ਕੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਰ ਰਹੇ ਹਨ। ਉਨ੍ਹਾਂ ਨੂੰ ਸਤੰਬਰ 2026 ਦੌਰਾਨ ਪੀ.ਏ.ਯੂ. ਕਿਸਾਨ ਮੇਲੇ ਮੌਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ ਦੀ ਵਿਗਿਆਨਕ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ।
ਇਸ ਮੌਕੇ ਸ. ਬਲਧੀਰ ਸਿੰਘ ਭੁੱਲਰ ਨੇ ਵਿਦਿਆਰਥੀਆਂ ਨਾਲ ਆਪਣੇ ਖੇਤੀਬਾੜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2021 ਵਿੱਚ ਸੁਰੱਖਿਅਤ ਖੇਤੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਸਬੰਧੀ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ ਤੋਂ ਸਿਖਲਾਈ ਅਤੇ ਤਕਨੀਕੀ ਮਾਰਗਦਰਸ਼ਨ ਪ੍ਰਾਪਤ ਕਰਕੇ ਇੱਕ ਏਕੜ ਤੋਂ ਸੁਰੱਖਿਅਤ ਖੇਤੀ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਦੌਰ ਵਿੱਚ ਇਹ ਕੰਮ ਉਨ੍ਹਾਂ ਲਈ ਨਵਾਂ ਹੋਣ ਅਤੇ ਤਜਰਬੇ ਦੀ ਘਾਟ ਕਾਰਨ ਕਾਫ਼ੀ ਚੁਣੌਤੀਪੂਰਨ ਰਿਹਾ, ਪਰ ਉਨ੍ਹਾਂ ਨੇ ਹਰ ਸਮੱਸਿਆ ਦੇ ਹੱਲ ਲਈ ਕੇ.ਵੀ.ਕੇ. ਦੇ ਮਾਹਿਰਾਂ ਤੋਂ ਤਕਨੀਕੀ ਸਲਾਹ ਲੈ ਕੇ ਆਪਣਾ ਸਫ਼ਰ ਜਾਰੀ ਰੱਖਿਆ।
ਉਨ੍ਹਾਂ ਦੱਸਿਆ ਕਿ ਅੱਜ ਉਹ ਲਗਭਗ 7 ਏਕੜ ਰਕਬੇ ਵਿੱਚ ਪੌਲੀ ਹਾਊਸ ਅਤੇ ਨੈੱਟ ਹਾਊਸ ਰਾਹੀਂ ਖੀਰਾ, ਸ਼ਿਮਲਾ ਮਿਰਚ, ਸਟਰਾਬੇਰੀ ਅਤੇ ਖਰਬੂਜ਼ੇ ਆਦਿ ਦੀ ਸਫ਼ਲ ਕਾਸ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਤੁਪਕਾ ਸਿੰਚਾਈ ਵਿਧੀ ਅਪਣਾ ਕੇ ਪਾਣੀ ਦੀ ਬੱਚਤ ਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾ ਕੇ ਹੋਰ ਕਿਸਾਨ ਵੀ ਖੇਤੀਬਾੜੀ ਵਿੱਚ ਸਫ਼ਲਤਾ ਹਾਸਲ ਕਰ ਸਕਦੇ ਹਨ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਅਗਾਂਹਵਧੂ ਕਿਸਾਨ ਨਾਲ ਸਿੱਧੀ ਗੱਲਬਾਤ ਕਰਨ ਅਤੇ ਉਸ ਦੇ ਫਾਰਮ ਦਾ ਨਿਰੀਖਣ ਕਰਨ ਦਾ ਮੌਕਾ ਮਿਲਿਆ, ਜਿਸ ਰਾਹੀਂ ਉਨ੍ਹਾਂ ਨੇ ਸੁਰੱਖਿਅਤ ਖੇਤੀ, ਫ਼ਸਲੀ ਵਿਭਿੰਨਤਾ ਅਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ।
🔔 Vande Bharat News Alerts
नई प्रमुख खबरों की browser notification पाने के लिए Subscribe करें।







