
ਈ ਓ ਨਗਰ ਕੌਂਸਲ ਦੀ ਝੂਠੀ ਰਿਪੋਰਟ ਪੇਸ਼ ਕਰਨ ਤੇ ਭੜਕੇ ਆਮ ਆਦਮੀ ਪਾਰਟੀ ਜਿਲ੍ਹਾ ਵਪਾਰ ਮੰਡਲ ਦੇ ਨੁਮਾਇੰਦੇ, ਪ੍ਰਧਾਨ ਨਗਰ ਕੌਂਸਲ ਕਦੇ ਵੀ ਦਫਤਰ ਵਿੱਚ ਨਹੀਂ ਮਿਲੇ, ਅਸ਼ਰਫ ਅਬਦੁੱਲਾ ਨੂੰ ਅਨੇਕਾਂ ਫੋਨ ਕੀਤੇ ਗਏ ਪਰ ਕੋਈ ਸੁਣਵਾਈ ਨਹੀਂ – ਪ੍ਰਧਾਨ ਵਪਾਰ ਮੰਡਲ
ਈਓ ਨਗਰ ਕੌਂਸਲ ਮਲੇਰਕੋਟਲਾ ਦੀ ਤੁਰੰਤ ਜਾਂਚ ਕਰਵਾ ਕੇ ਐਕਸ਼ਨ ਲਿਆ ਜਾਵੇ – ਅਜੇ ਜੈਨ
ਮਾਲੇਰਕੋਟਲਾ 17 ਅਗਸਤ ( ਸਲਮਾਨ ਕਪੂਰ ) ਬੀਤੇ ਦਿਨੀ ਮਿਤੀ 12 ਅਗਸਤ 2024 ਨੂੰ ਅਜੇ ਜੈਨ ਪੁੱਤਰ ਅੰਮ੍ਰਿਤ ਲਾਲ ਜੈਨ ਮਾਲਕ ਫਰਮ ਅਜੇ ਟਰੇਡਿੰਗ ਕੰਪਨੀ ਪੁਰਾਣੀ ਦਾਣਾ ਮੰਡੀ ਮਲੇਰਕੋਟਲਾ ਵੱਲੋਂ ਇੱਕ ਲਿਖਤੀ ਸ਼ਿਕਾਇਤ ਬਰਸਾਤੀ ਨਾਲੇ ਦੀ ਸਫਾਈ ਅਤੇ ਨਾਲੇ ਦੀ ਬਲੋਕੇਜ ਕਰਕੇ ਹੋਏ ਇਕ ਲੱਖ 25 ਹਜਾਰ ਰੁਪਏ ਦੇ ਨੁਕਸਾਨ ਦਾ ਮੁਆਜਾ ਦਵਾਉਣ ਸਬੰਧੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਦਿੱਤੀ। ਜਿਸ ਵਿੱਚ ਉਹਨ ਨੇ ਲਿਖਿਆ ਕਿ ਪੁਰਾਣੀ ਦਾਣਾ ਮੰਡੀ ਅਤੇ ਬਾਂਸ ਬਾਜ਼ਾਰ ਵਿਖੇ 10 ਤੋਂ 15 ਫੁੱਟ ਡੂੰਘਾ ਬਰਸਾਤੀ ਨਾਲਾ ਲੰਘ ਰਿਹਾ ਹੈ ਜੋ ਕਿ 100 ਸਾਲ ਤੋਂ ਜਿਆਦਾ ਪੁਰਾਣਾ ਹੈ ਇਹ ਨਾਲਾ ਗੰਦਗੀ ਨਾਲ ਉੱਪਰ ਤੱਕ ਲੱਦਿਆ ਪਿਆ ਹੈ ਜਿਸ ਦਾ ਕਾਰਨ ਇਹ ਹੈ ਕਿ ਇਸ ਦੀ ਪਿਛਲੇ 15 ਸਾਲ ਤੋਂ ਸਫਾਈ ਨਹੀਂ ਹੋਈ ਹੈ ਇਸ ਦੀ ਸਫਾਈ ਕਰਵਾਉਣ ਲਈ ਦਰਖਾਸਤ ਵਿਚ ਦਰਖਾਸਤ ਕਰਤਾ ਨੇ ਲਿਖਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਕਈ ਵਾਰ ਬੇਨਤੀ ਪੱਤਰ ਦਿੱਤੇ ਗਏ ਅਤੇ ਦਰਖਾਸਤਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀਆਂ, ਦਰਖਾਸਤ ਵਿੱਚ ਦਰਖਾਸਤ ਕਰਤਾ ਨੇ ਲਿਖਿਆ ਕਿ ਉਨਾਂ ਵੱਲੋਂ ਮਿਤੀ 21-7-2022 ਨੂੰ ਕਾਸਿਫ ਅਲੀ ਵਕੀਲ ਸਾਹਿਬ ਵੱਲੋਂ ਕਾਨੂੰਨੀ ਨੋਟਿਸ ਵੀ ਦਿੱਤਾ ਗਿਆ ਸੀ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਮਿਤੀ 21 ਫਰਵਰੀ 2023 ਨੂੰ ਵੀ ਆਪ ਜੀ ਨੂੰ ਇਸ ਬਾਰੇ ਮੰਗ ਪੱਤਰ ਭੇਂਟ ਕੀਤੇ ਗਏ ਸਨ। ਇਸ ਤੋਂ ਬਾਅਦ ਮਿਤੀ 22-7- 2024 ਨੂੰ ਵੀ ਡਿਪਟੀ ਕਮਿਸ਼ਨਰ ਦਫਤਰ ਵਿਖੇ ਦਰਖਾਸਤ ਨੰਬਰ 2785601/R ਦਿੱਤੀ ਗਈ ਪਰ ਡਿਪਟੀ ਕਮਿਸ਼ਨਰ ਦਫਤਰ ਜਾਂ ਸੰਬੰਧਿਤ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਪੋਰਟਲ ਐਮ ਸੇਵਾ ਪਰ ਵੀ ਇਸੇ ਬਾਬਤ ਮਿਤੀ 19-7-24 ਨੂੰ ਇਸ ਬਾਰੇ ਸ਼ਿਕਾਇਤ ਨੰਬਰ 20240 362291 ਦਰਜ ਕਰਵਾਈ ਗਈ, ਪਰ ਇਸ ਤੇ ਵੀ ਸੰਬੰਧਿਤ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਖੇਚਲ ਨਹੀਂ ਕੀਤੀ ਗਈ।
ਪਰ ਮਿਤੀ 11 ਅਗਸਤ 2024 ਦਿਨ ਐਤਵਾਰ ਨੂੰ ਭਾਰੀ ਬਰਸਾਤ ਪੈਣ ਦੇ ਕਾਰਨ ਅਤੇ ਪੁਰਾਣੀ ਦਾਣਾ ਮੰਡੀ ਅਤੇ ਬਾਂਸ ਬਾਜ਼ਾਰ ਦੇ ਨਾਲੇ ਦੀ ਬਲੋਕੇਜ ਕਾਰਨ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਦਰਖਾਸਤ ਕਰਤਾ ਅਤੇ ਪੁਰਾਣੀ ਦਾਣਾ ਮੰਡੀ ਦੀਆਂ ਕਈ ਦੁਕਾਨਾਂ ਦੇ ਵਿੱਚ ਪਾਣੀ ਭਰ ਗਿਆ ਅਤੇ ਭਰੇ ਪਾਣੀ ਨੇ ਤਬਾਹੀ ਮਚਾ ਦਿੱਤੀ। ਜਿਸ ਕਾਰਨ ਦਰਖਾਸਤ ਕਰਤਾ ਦੀ ਦੁਕਾਨ ਵਿੱਚ ਕਾਫੀ ਮਾਲੀ ਨੁਕਸਾਨ ਹੋਇਆ ਜਿਸ ਵਿੱਚ 50 ਬੋਰੀਆਂ ਗੁੜ੍ਹ ਦੇ ਡੱਬੇ ਸ਼ੱਕਰ ਦੇ ਕੱਟੇ ਆਦਿ ਕਾਫੀ ਦੁਕਾਨ ਝੇਲਣਾ ਪਿਆ । ਸਮਾਨ ਪਾਣੀ ਦੇ ਵਿੱਚ ਬਰਬਾਦ ਹੋ ਗਿਆ। ਜਿਸ ਨਾਲ ਕਰੀਬ ਇਕ ਲੱਖ 25 ਹਜਾਰ ਰੁਪਏ ਦਾ ਨੁਕਸਾਨ ਹੋਇਆ ਅਤੇ ਅਗਰ ਗੱਲ ਕਰੀਏ ਪੂਰੀ ਮੰਡੀ ਦੀਆਂ ਦੁਕਾਨਾਂ ਦੀ ਤਾਂ ਕਰੀਬ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਵਪਾਰੀਆਂ ਨੂੰ ਝੇਲਣਾ ਪਿਆ।
ਅਜੇ ਜੈਨ ਪ੍ਰਧਾਨ ਜਿਲਾ ਵਪਾਰ ਮੰਡਲ ਆਮ ਆਦਮੀ ਪਾਰਟੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਕਿਹਾ ਕਿ ਇਹ ਨਾਲਾ 15 ਫੁੱਟ ਡੂੰਘਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਦੀ ਕੋਈ ਸਫਾਈ ਨਹੀਂ ਕੀਤੀ ਕਰਵਾਈ ਗਈ, ਜਿਸ ਕਾਰਨ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਨਾਲੇ ਦਾ ਪਾਣੀ ਬਾਹਰ ਉਛਾਲਾ ਮਾਰ ਕੇ ਪੂਰੀ ਮੰਡੀ ਦੇ ਵਿੱਚ ਦੁਕਾਨਾਂ ਦੇ ਅੰਦਰ ਦਾਖਲ ਹੋ ਜਾਂਦਾ ਹੈ, ਇਸ ਸਬੰਧੀ ਈਓ ਨਗਰ ਕੌਂਸਲ ਡਿਪਟੀ ਕਮਿਸ਼ਨਰ ਮਲੇਰਕੋਟਲਾ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਅਸ਼ਰਫ ਅਬਦੁੱਲਾ ਨੂੰ ਕਈ ਵਾਰ ਬੇਨਤੀ ਪੱਤਰ ਦਿੱਤੇ ਗਏ ਪਰ ਕੋਈ ਵੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਖੇਚਲ ਨਹੀਂ ਕੀਤੀ ਗਈ, ਸ਼੍ਰੀ ਜੈਨ ਨੇ ਮਜੀਦ ਦੱਸਿਆ ਕਿ ਈਓ ਨਗਰ ਕੌਂਸਲ ਦੀਆਂ ਗਲਤ ਨੀਤੀਆਂ ਨੂੰ ਮੁੱਖ ਰੱਖਦੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਈਓ ਨਗਰ ਕੌਂਸਲ ਦੀ ਤੁਰੰਤ ਜਾਂਚ ਕਰਵਾ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਉਂਕਿ ਈਓ ਨਗਰ ਕੌਂਸਲ ਨੇ ਇੱਕ ਝੂਠੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਰਿਪੋਰਟ ਵਿੱਚ ਈਓ ਨਗਰ ਕੌਂਸਲ ਵੱਲੋਂ ਲਿਖਿਆ ਗਿਆ ਕਿ ਨਾਲੇ ਦੀ ਸਫਾਈ ਕਰਵਾ ਦਿੱਤੀ ਗਈ ਹੈ ਅਤੇ ਪਾਣੀ ਦਾ ਵਹਾਓ ਲਗਾਤਾਰ ਚੱਲ ਰਿਹਾ ਹੈ ਪਰ ਮੌਕੇ ਤੇ ਵੇਖਣ ਤੇ ਇਹ ਮਿਲਿਆ ਕਿ ਨਾ ਤਾਂ ਕੋਈ ਸਫਾਈ ਕੀਤੀ ਗਈ ਅਤੇ ਨਾ ਹੀ ਕੋਈ ਵੀ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਈਓ ਨਗਰ ਕੌਂਸਲ ਨੇ ਝੂਠੀ ਰਿਪੋਰਟ ਪੇਸ਼ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਹਨ।
ਸ਼੍ਰੀ ਅਜੇ ਜੈਨ ਅਤੇ ਬਾਂਸ ਬਾਜ਼ਾਰ ਅਤੇ ਦਾਣਾ ਮੰਡੀ ਦੇ ਅਨੇਕਾਂ ਦੁਕਾਨਦਾਰਾਂ ਨੇ ਪ੍ਰੈੱਸ ਨੂੰ ਸਵਾਲਾਂ ਦੇ ਜਵਾਬ ਵਿੱਚ ਦੱਸਿਆ ਕਿ ਨਗਰ ਕੌਂਸਲ ਦੀ ਪ੍ਰਧਾਨ ਸਾਨੂੰ ਕਦੀ ਵੀ ਦਫਤਰ ਦੇ ਵਿੱਚ ਹਾਜ਼ਰ ਨਹੀਂ ਮਿਲੀ ਅਤੇ ਜਦੋਂ ਅਸੀਂ ਪ੍ਰਧਾਨ ਨਗਰ ਕੌਂਸਲ ਦੇ ਪਤੀ ਅਸ਼ਰਫ ਅਬਦੁੱਲਾ ਨੂੰ ਅਨੇਕਾਂ ਵਾਰ ਫੋਨ ਕੀਤੇ ਤਾਂ ਉਹਨਾਂ ਨੇ ਸਾਡਾ ਫੋਨ ਤੱਕ ਚੱਕਣਾ ਵੀ ਜਰੂਰੀ ਨਹੀਂ ਸਮਝਿਆ ਤਾਂ ਸਮੱਸਿਆ ਦਾ ਹੱਲ ਕਰਨਾ ਦਾ ਬਹੁਤ ਦੂਰ ਦੀ ਗੱਲ ਹੈ, ਉਨਾ ਕਿਹਾ ਕਿ ਪ੍ਰਧਾਨ ਨਗਰ ਕੌਂਸਲ ਦੇ ਪਤੀ ਅਸ਼ਰਫ ਅਬਦੁੱਲਾ ਅਤੇ ਈਓ ਨਗਰ ਕੌਂਸਲ ਮੇਲ ਕੇ ਪਤਾ ਨਹੀਂ ਕੀ ਖਿਚੜੀ ਪਕਾਉਂਦੇ ਰਹਿੰਦੇ ਹਨ ਕਿ ਆਮ ਜਨਤਾ ਦਾ ਤਾਂ ਕੰਮ ਕੀ ਕਰਨਾ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੀ ਗੱਲ ਤੱਕ ਨਹੀਂ ਸੁਣੀ ਜਾਂਦੀ। ਪ੍ਰਧਾਨ ਜਿਲਾ ਵਪਾਰ ਮੰਡਲ ਅਜੇ ਜੈਨ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐਸੇ ਕਰਪਟ ਈਓ ਨਗਰ ਕੌਂਸਲ ਅਧਿਕਾਰੀ ਅਤੇ ਇਹਨਾਂ ਦੀ ਟੀਮ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਇਹਨਾਂ ਤੇ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਵੇ। ਵਪਾਰ ਮੰਡਲ ਜਿਲਾ ਮਲੇਰਕੋਟਲਾ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਮਲੇਰਕੋਟਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਭਾਈ ਕਰਵਾਈ ਜਾਵੇ ਅਤੇ ਨਾਲੇ ਦੀ ਸਫਾਈ ਤੁਰੰਤ ਕਰਵਾਈ ਜਾਵੇ ਤਾਂ ਜੋ ਬਾਰਿਸ਼ ਹੋਣ ਨਾਲ ਉਹਨਾਂ ਦਾ ਮਜੀਦ ਕੋਈ ਨੁਕਸਾਨ ਨਾ ਹੋ ਸਕੇ। ਸ੍ਰੀ ਅਜੇ ਜੈਨ ਅਤੇ ਸਮੂਹ ਦਾਣਾ ਮੰਡੀ ਦੁਕਾਨਦਾਰਾਂ ਨੇ ਕਿਹਾ ਕਿ ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਸਾਨੂੰ ਮਜਬੂਰਨ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਵੇਗਾ।
ਇਸ ਸਬੰਧੀ ਜਦੋਂ ਈਓ ਨਗਰ ਕੌਂਸਲ ਮਲੇਰਕੋਟਲਾ ਅਤੇ ਨਗਰ ਕੌਂਸਲ ਪ੍ਰਧਾਨ ਨਸਰੀਨ ਅਬਦੁੱਲਾ ਦੇ ਪਤੀ ਅਸ਼ਰਫ ਅਬਦੁੱਲਾ ਨਾਲ ਉਹਨਾਂ ਦੇ ਮੋਬਾਈਲ ਨੰਬਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪ੍ਰੈਸ ਦੇ ਨੁਮਾਇੰਦਿਆਂ ਦਾ ਫੋਨ ਤੱਕ ਚੱਕਣਾ ਜਰੂਰੀ ਨਹੀਂ ਸਮਝਿਆ।