ਯੁਵਕ ਸੇਵਾਵਾਂ ਵਿਭਾਗ ਨਸ਼ਿਆਂ ਵਿਰੁੱਧ ਕਾਰਜਸ਼ੀਲ, ਪਿੰਡ ਨਿਹਾਲ ਖੇੜਾ ਵਿਖੇ ਨਸ਼ੇ ਵਿਰੋਧੀ ਜਾਗਰੂਕਤਾ ਗਤੀਵਿਧੀ ਉਲੀਕੀ ਗਈ
ਫਾਜ਼ਿਲਕਾ, 10 ਦਸੰਬਰ (ਗਿਆਨ ਸਾਹਨੀ)
ਯੁਵਕ ਸੇਵਾਵਾਂ ਵਿਭਾਗ ਪੰਜਾਬ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਕੜੀ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਚਲਾਏ ਗਏ ਅਭਿਆਨ ਅਧੀਨ ਪਿੰਡ ਨਿਹਾਲ ਖੇੜਾ ਵਿਖੇ ਸੈਮੀਨਾਰ ਤੇ ਨੁਕੜ ਨਾਟਕ ਰਾਹੀਂ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਪਿੰਡ ਵਾਸੀਆਂ, ਬਚਿਆਂ ਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ।
ਯੁਵਕ ਸੇਵਾਵਾਂ ਵਿਭਾਗ ਤੋਂ ਅੰਕਿਤ ਕੁਮਾਰ ਅਤੇ ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੌਜਵਾਨ ਪੀੜ੍ਹੀ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹਨ ਉਨ੍ਹਾਂ ਨੂੰ ਸਹੀ ਰਸਤੇ *ਤੇ ਚਲੱਣ ਅਤੇ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਫਸਣ ਤੋਂ ਰੋਕਣ ਲਈ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨੋਜਵਾਨ ਸਿਹਤਮੰਦ ਰਹੇ ਤੇ ਦੇਸ਼ ਤੇ ਸੂਬੇ ਦੇ ਵਿਕਾਸ ਵਿਚ ਆਪਣੀ ਅਨਰਜੀ ਲਗਾਏ।
ਉਨ੍ਹਾਂ ਕਿਹਾ ਕਿ ਨੋਜਵਾਨਾਂ ਦਾ ਧਿਆਨ ਨਕਾਰਾਤਮਕ ਗਤੀਵਿਧੀਆਂ ਵੱਲ ਨਾ ਜਾਵੇ, ਇਸ ਲਈ ਨੋਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਖੇਡ ਕੇ ਜਿਥੇ ਸਾਡੀ ਪੀੜ੍ਹੀ ਤੰਦਰੁਸਤ ਰਹੇਗੀ ਉਥੇ ਖੇਡਾਂ ਵਿਚ ਆਪਣਾ ਨਾਮ ਚਮਕਾਏਗੀ।ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਕਰਨ ਦਾ ਉਦੇਸ਼ ਨੋਜਵਾਨ ਵਰਗ ਗਲਤ ਸੰਗਤ ਵਿਚ ਨਾ ਪਵੇ।
ਪਿੰਡ ਦੇ ਸਰਪੰਚ ਬਲਦੇਵ ਰਾਜ ਨੇ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੁਕੜ ਨਾਟਕ ਪੇਸ਼ ਕਰਨ ਵਾਲੇ ਬਚਿਆਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਨਾਟਕ ਪੇਸ਼ ਕਰਨ ਵਾਲੇ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਲਾਲ ਚੰਦ ਹਿੰਦੀ ਮਾਸਟਰ ਨਿਹਾਲ ਖੇੜਾ ਵੱਲੋਂ ਨਿਭਾਈ ਗਈ।
ਇਸ ਮੌਕੇ ਰਵੀ ਪ੍ਰਕਾਸ਼, ਜੈਪਾਲ, ਕ੍ਰਿਸ਼ਨ ਲਾਲ, ਸ੍ਰੀਮਤੀ ਗੁਡੀ ਦੇਵੀ, ਰਮਨ ਕੁਮਾਰ, ਜਯੋਤੀ ਪ੍ਰਕਾਸ਼, ਰਾਮ ਕ੍ਰਿਸ਼ਨ, ਸੁਨੀਲ ਕੁਮਾਰ, ਕੇਸ਼ਵ ਕੁਮਾਰ, ਮਨਪ੍ਰੀਤ, ਪਵਨਦੀਪ ਤੋਂ ਇਲਾਵਾ ਹੋਰ ਪਤਵੰਤੇ ਸਜਨ ਮੌਜੂਦ ਸਨ।